ਸਕੂਲੀ ਸਿੱਖਿਆ, ਸਕੂਲ ਅਤੇ ਵਿੱਦਿਅਕ ਟੂਰ

- ਇੱਕ ਵਿਸ਼ਲੇਸ਼ਣ

ਦੇਸ਼ ਦੀ ਆਜ਼ਾਦੀ ਦੇ ਅੱਸੀ ਸਾਲ ਪੂਰੇ ਹੋਣ ਵਾਲੇ ਹਨ, ਪਰੰਤੂ ਹੁਣ ਤੱਕ ਸਾਡੀ ਸਿੱਖਿਆ ਉਸ ਮਿਆਰ ਤੱਕ ਨਹੀਂ ਗਈ ਜਿਹੜੀ ਇਸੇ ਦੇਸ਼ ਵਿੱਚ ਟੈਕਸਲਾ ਵਿਸ਼ਵ ਵਿਦਿਆਲਿਆ ਵਿਖੇ ਪੰਜਵੀਂ ਤੇ ਛੇਵੀਂ ਸਦੀ ਵਿੱਚ ਅਤੇ ਨਾਲੰਦਾ ਵਰਗੇ ਵਿਸ਼ਵ ਵਿਦਿਆਲਿਆ ਵਿੱਚ ਦਸਵੀਂ ਤੇ ਬਾਰਵੀਂ ਸਦੀ ਵਿੱਚ ਹੁੰਦੀ ਸੀ। ਗਜ਼ਬ ਦੀ ਗੱਲ ਕਿ ਨਾਲੰਦਾ ਵਿਸ਼ਵ ਵਿਦਿਆਲਿਆ ਵਿਚ ਪੂਰੇ ਸੰਸਾਰ ਤੋਂ ਕਰੀਬ ਦੱਸ ਹਜ਼ਾਰ ਵਿਦਿਆਰਥੀ ਇੱਥੇ ਪੜ੍ਹਦੇ ਸਨ। ਭਾਰਤ ਗਿਆਨ ਦਾ ਕੇਂਦਰ ਸੀ। ਹੋਲੀ- ਹੋਲੀ ਇਹ ਸਿੱਖਿਆ ਸਿਰ ਤੋਂ ਨਿਕਲ ਕੇ ਢਿੱਡ ਤੇ ਆ ਕੇ ਰੁੱਕ ਗਈ। ਭਾਵ ਅੱਜ ਦੀ ਸਿੱਖਿਆ ਸਿਰਫ ਰੋਟੀ ਰੋਜ਼ਗਾਰ ਲੈਣ ਤੱਕ ਹੀ ਸੀਮਿਤ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਿੱਖਿਆ ਦਾ ਮੰਤਵ ਜਾਗਰੁਕ ਮਨੁੱਖ ਪੈਦਾ ਕਰਨ ਲਈ ਨਹੀਂ ਸਗੋਂ ਰੋਟੀ ਕਮਾਉਣ ਵਾਲਾ ਮਨੁੱਖ ਪੈਦਾ ਕਰਨ ਦੀ ਹੈ ।

ਸਕੂਲ ਵਿੱਚ ਛੇ-ਸੱਤ ਸਬਜੈਕਟ ਹੁੰਦੇ ਹਨ ਸਾਰਾ ਸਾਲ ਵਿਦਿਆਰਥੀ ਓਹਨਾ ਸਬਜੈਕਟਾਂ ਦੀਆਂ ਲਗੀਆਂ ਕਿਤਾਬਾਂ ਵਿੱਚੋਂ ਪੇਪਰ ਦੇਣ ਦੀ ਤਿਆਰੀ ਵਿੱਚ ਲੱਗੇ ਰਹਿੰਦੇ ਹਨ। ਸਕੂਲ ਅਤੇ ਮਾਤਾ-ਪਿਤਾ ਬੜਾ ਮਾਣ ਮਹਿਸੂਸ ਕਰਦੇ ਹਨ, ਜਦੋ ਓਹਨਾ ਦਾ ਬੱਚਾ ਨੱਬੇ ਪ੍ਰਤੀਸ਼ਤ ਨੰਬਰ ਲੈਕੇ ਇਹਨਾਂ ਵਿਸ਼ਿਆ ਵਿੱਚ ਪਾਸ ਹੁੰਦਾ ਹੈ। ਮਾਤਾ-ਪਿਤਾ ਅਤੇ ਸਾਡੇ ਸਿੱਖਿਆ ਪ੍ਰਣਾਲੀ ਦੇ ਪਿਤਾ ਪਿਤਾਮਿਆ ਨੂੰ ਸ਼ਾਇਦ ਹੁਣ ਤਕ ਇਹ ਇਹਸਾਸ ਨਹੀਂ ਹੋਇਆ ਕਿ ਇਹ ਸਕੂਲੀ ਸਿੱਖਿਆ ਜਿੰਦਗੀ ਦਾ 2% ਵੀ ਨਹੀਂ ਹੈ ਸਗੋਂ ਇਹ ਸਕੂਲਿੰਗ ਸਿਰਫ ਇਹ ਸਾਬਤ ਕਰਨ ਲਈ ਹੈ ਕਿ ਬੱਚੇ ਨੇ ਲਗਾਤਾਰ ਸਕੂਲ ਜਾਣਾ- ਆਉਣਾ ਰੱਖਿਆ ਸੀ ਕਿਉਂ ਜੋ ਇਸ ਸਿਸਟਮ ਵਿੱਚ ਫੇਲ ਹੋਣ ਵਾਲੇ ਵਿਦਿਆਰਥੀ ਪੇਪਰ ਦੇਣ ਤੋਂ ਪਹਿਲਾ ਭੁੱਲ ਜਾਂਦੇ ਹਨ ਤੇ ਨੱਬੇ ਪ੍ਰਤੀਸ਼ਤ ਨੰਬਰ ਲੈਣ ਵਾਲੇ ਵਿਦਿਆਰਥੀ ਪੇਪਰ ਦੇਣ ਤੋਂ ਬਾਅਦ ਭੁੱਲ ਜਾਂਦੇ ਹਨ ਤੇ ਬੰਦਾ ਸਾਰੀ ਉਮਰ ਅਨਪੜ ਹੀ ਰਹਿੰਦਾ ਹੈ। ਜਦਕਿ ਉਸਦੇ ਕੋਲ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਡਿਗਰੀਆਂ ਹੁੰਦੀਆ ਹਨ। ਇਸਦੀ ਉਦਾਹਰਣ ਸਾਡੇ ਸਭ ਦੇ ਸਾਮ੍ਹਣੇ ਹੈ ਜਿਵੇਂ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦੇ ਲੋਕਾਂ ਦੁਆਰਾ ਕੀਤਾ ਜਾਂਦਾ ਧਾਰਮਿਕ ਵਿਤਕਰਾ, ਪੜਾਉਣ ਵਾਲਿਆ ਦੁਆਰਾ ਬੀੜੀਆਂ-ਸਿਗਰਟਾਂ ਪੀਣਾ, ਵਿਦਿਆਰਥੀਆਂ ਕੋਲੋਂ ਸ਼ਰਾਬ ਦੀ ਮੰਗ ਕਰਨੀ, ਲੜਕੀਆਂ ਦਾ ਸ਼ੋਸ਼ਣ ਇਹ ਸਿੱਧ ਕਰਦਾ ਹੈ ਕਿ ਅਜਿਹੇ ਪੜੇ- ਲਿਖਿਆਂ ਕੋਲ ਸਰਟੀਫਿਕੇਟ ਤਾਂ ਹਨ, ਪਰੰਤੂ ਜੀਵਨ ਨਹੀਂ ਹੈ ।

ਅੱਜ ਦੇ ਜਮਾਨੇ ਵਿੱਚ ਹਰ ਵਿਅਕਤੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣਾ ਲੋਚਦਾ ਹੈ ਪਰੰਤੂ ਹਰ ਕਿਸੇ ਦਾ ਪ੍ਰਾਈਵੇਟ ਸਕੂਲ ਦੇ ਪ੍ਰਤੀ ਆਪਣਾ-ਆਪਣਾ ਵਿਸ਼ਵਾਸ ਹੈ ਜ਼ਿਆਦਾਤਰ ਮਾਤਾ- ਪਿਤਾ ਉਹ ਹਨ ਜਿਹੜੇ ਸਕੂਲ ਦੀ ਇਮਾਰਤ ਨੂੰ ਵੇਖ ਕੇ ਬੱਚਾ ਦਾਖ਼ਲ ਕਰਾਉਂਦੇ ਹਨ। ਸ਼ਾਇਦ ਉਹ ਨਹੀਂ ਜਾਣਦੇ ਕੇ ਇਮਾਰਤ ਸਕੂਲ ਨਹੀਂ ਹੁੰਦੀ। ਵਿਅਕਤੀ ਮਾਤਰ ਸਕੂਲ ਹੁੰਦਾ ਹੈ ਭਾਵ ਸਕੂਲ ਨੂੰ ਚਲਾਉਣ ਵਾਲਾ ਵਿਅਕਤੀ ਸਕੂਲ ਹੁੰਦਾ ਹੈ। ਕੁੱਝ ਕੁ ਮਾਤਾ-ਪਿਤਾ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਬੱਚੇ ਨੂੰ ਉਸ ਵਿਅਕਤੀ ਕੋਲ ਪੜਨ ਭੇਜਦੇ ਹਨ ਜਿਹੜਾ ਖ਼ੁਦ ਸਕੂਲ ਹੁੰਦਾ ਹੈ। ਅਜਿਹੇ ਮਾਤਾ - ਪਿਤਾ ਆਪ ਵੀ ਕਿਸੇ ਰੋਲ ਮਾਡਲ ਨੂੰ ਫੋਲੋ ਕਰ ਰਹੇ ਹੁੰਦੇ ਹਨ ਅਤੇ ਆਪਣੇ ਬੱਚਿਆ ਨੂੰ ਵੀ ਅਨੂਕੁਲ ਰੋਲ ਮਾਡਲ ਨੂੰ ਫੋਲੋ ਕਰਾਉਣ ਦੇ ਰਸਤੇ ਪਾਉਂਦੇ ਹਨ।

ਸਕੂਲੀ ਸਿੱਖਿਆ ਦੌਰਾਨ ਵਿੱਦਿਅਕ ਟੂਰ ਦਾ ਬਹੁਤ ਮਹੱਤਵ ਹੈ । ਇਹ ਬੱਚੇ ਦੀ ਉਮਰ ਮੁਤਾਬਕ ਹੋਣਾ ਚਾਹੀਦਾ ਹੈ ਭਾਵ ਪੰਜਵੀਂ ਤੱਕ ਦੇ ਬੱਚਿਆਂ ਲਈ ਘੱਟੋ - ਘੱਟ ਇੱਕ ਰਾਤ ਬਾਹਰ ਰਹਿਣ ਲਈ ਤੇ ਬਾਕੀ ਬੱਚਿਆਂ ਲਈ ਘੱਟੋ- ਘੱਟ ਇੱਕ ਹਫਤਾ ਬਾਹਰ ਰਹਿਣ ਲਈ । ਕਈ ਵਾਰੀ ਮਾਤਾ - ਪਿਤਾ ਇਸ ਹਿਸਾਬ-ਕਿਤਾਬ ਵਿੱਚ ਪੈ ਜਾਂਦੇ ਹਨ ਕੇ ਜਿਹੜਾ ਖਰਚਾ ਉਨ੍ਹਾਂ ਨੇ ਆਪਣੇ ਬੱਚੇ ਦੇ ਸਕੂਲੀ ਟੂਰ ਤੇ ਜਾਣ ਲਈ ਕਰਨਾ ਹੈ ਕਿਉਂ ਨਾ ਸਾਰਾ ਪਰਿਵਾਰ ਆਪ ਹੀ ਕਿਸੇ ਟੂਰ ਤੇ ਜਾ ਆਵੇ ਪ੍ਰੰਤੂ ਉਹ ਭੁੱਲ ਜਾਂਦੇ ਹਨ ਕਿ ਪਰਿਵਾਰ ਨਾਲ ਕੀਤਾ ਸੈਰ ਸਪਾਟਾ ਘੁੰਮਣ-ਫਿਰਨ ਤਾਂ ਹੋ ਸਕਦਾ ਹੈ ਪਰੰਤੂ ਵਿੱਦਿਅਕ ਟੂਰ ਨਹੀਂ ਹੋ ਸਕਦਾ। ਇਹ ਮੰਨਣਾ ਚਾਹੀਦਾ ਹੈ ਕਿ ਮਰਦ ਪ੍ਰਧਾਨ ਸਮਾਜ ਹੌਣ ਕਰਕੇ ਪਿਤਾ ਦਾ ਰੋਹਬ-ਦਾਵ, ਮਾਤਾ ਦਾ ਟਹਿਲ ਸੇਵਾ ਕਰਨ ਵਾਲੀ ਬੀਬੀ, ਬੱਚਿਆਂ ਦਾ ਪਿਤਾ ਦੀ ‘ਹਾਂ’ ਵਿੱਚ ‘ਹਾਂ’ ਮਿਲਾਉਣਾ, ਉਹੀ ਗੱਲਾਂ-ਉਹੀ ਗੀਤ ਸੰਗੀਤ, ਭਾਵ ਬਾਹਰ ਜਾ ਕੇ ਵੀ ਪਰਿਵਾਰ ਦੀ ਚਾਰ-ਦੀਵਾਰੀ ਨਾਲ-ਨਾਲ ਹੀ ਤੁਰੀ ਜਾਂਦੀ ਹੈ।

ਚੰਗਾ ਸਕੂਲ ਵਿੱਦਿਅਕ ਟੂਰ ਦਾ ਬਹੁਤ ਸੋਹਣੇ ਤਰੀਕੇ ਨਾਲ ਪ੍ਰਬੰਧ ਕਰਦਾ ਹੈ। ਟੂਰ ਲੈ ਕੇ ਜਾਣ ਤੋਂ ਪਹਿਲਾ ਟੂਰ ਇੰਚਾਰਜ ਕੋਈ ਅਜਿਹੀ ਥਾਂ ਚੁਣਦਾ ਹੈ ਜਿਥੇ ਕਾਨੂੰਨੀ ਵਿਵਸਥਾ ਠੀਕ-ਠਾਕ ਹੁੰਦੀ ਹੈ। ਉਹ ਖ਼ੁਦ ਜਾ ਕੇ ਟੂਰ ਲੈ ਕੇ ਜਾਣ ਤੋਂ ਪਹਿਲਾ ਉਸ ਅਸਥਾਨ ਦਾ ਨਿਰੀਖਣ ਕਰਦਾ ਹੈ ਜਿਵੇਂ, ਕਿਵੇਂ ਦੇ ਰਸਤੇ, ਲੋਕਾਂ ਦਾ ਰਹਿਣ ਸਹਿਣ, ਵਾਤਾਵਰਣ, ਠਹਿਰਨ ਦਾ ਯੋਗ ਪ੍ਰਬੰਧ, ਸਾਫ਼-ਸੁਥਰੀ ਰਸੋਈ ਦੀ ਉਪਲੱਭਤਾ ਇਸ ਤੋਂ ਇਲਾਵਾ ਉੱਥੇ ਕੋਈ ਵਧੀਆ ਸੰਸਥਾ, ਸ੍ਰੇਸ਼ਠ ਵਿਅਕਤੀ ਮਾਤਰ, ਇਤਿਹਾਸਿਕ ਪ੍ਰਸਿੱਧੀ ਅਤੇ ਕੁਦਰਤ ਦਾ ਪਸਾਰਾ ਆਦਿਕ। ਕੋਸ਼ਿਸ਼ ਇਹ ਹੌਣੀ ਚਾਹੀਦੀ ਹੈ ਕਿ ਖਾਣਾ ਬਣਾਉਣ ਦਾ ਪ੍ਰਬੰਧ ਸਕੂਲ ਦਾ ਆਪਣਾ ਹੋਵੇ ਤਾਂ ਜੋ ਬੱਚੇ ਬਾਹਰ ਦਾ ਖਾਣਾ ਖਾ ਕੇ ਬਿਮਾਰ ਨਾ ਹੋਣ । ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਢਾਬੇ, ਰੇਸਟੌਰੈਂਟ ਅਤੇ ਹੋਟਲ ਦਾ ਮੰਤਵ ਲਾਭ ਕਮਾਉਣਾ ਹੈ ਨਾ ਕੇ ਕਿਸੇ ਦੀ ਸਿਹਤ ਦਾ ਖਿਆਲ ਰੱਖਣਾ। ਇਸ ਤੋਂ ਇਲਾਵਾ ਟੂਰ ਕਿਸੇ ਵੀ ਕਿਸਮ ਦੇ ਇਲੈਕਟ੍ਰਾਨਿਕ ਮਸ਼ੀਨ ਜਿਵੇਂ ਲੈਪਟਾਪ, ਸੈੱਲ ਫੋਨ ਆਦਿ ਤੋਂ ਬਿਨਾਂ ਹੌਣਾ ਚਾਹੀਦਾ ਹੈ ਭਾਵ ਵਿਦਿਆਰਥੀਆਂ ਇਹਨਾਂ ਨੂੰ ਨਾਲ ਲੈ ਕੇ ਜਾਣ ਦੀ ਮਨਾਹੀ ਹੋਣੀ ਚਾਹੀਦੀ ਹੈ। ਇਸੇ ਤਰਾਂ ਟੂਰ ਡੱਬਾ ਬੰਦ ਭੋਜਨ, ਜੰਕ ਫੂਡ ਜਿਵੇਂ ਮੈਗੀ, ਕੁਰਕੁਰੇ, ਲੇਅਜ਼, ਕਿੰਗ ਬਰਗਰ ਪੀਜ਼ਾ ਆਦਿਕ ਵਾਲੇ ਨਹੀਂ ਹੋਣੇ ਚਾਹੀਦੇ। ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਹਰ ਬੱਚੇ ਕੋਲ ਪੋਕਟ ਡੇਅਰੀ ਅਤੇ ਪੈਨ ਹੋਵੇ ਤੇ ਹਰ ਵਿਦਿਆਰਥੀ ਹਾਸਿਲ ਕੀਤੇ ਗਿਆਨ ਨੂੰ ਕਲਮ ਬੰਦ ਕਰੇ ਅਤੇ ਟੂਰ ਤੋਂ ਵਾਪਸ ਆਉਣ ਤੋਂ ਬਾਅਦ ‘ਡੇ-1’ ‘ਡੇ-2’ ਦੇ ਅਨੁਸਾਰ, ‘ਕੀ ਸਿੱਖਿਆ’ ਇਸ ਦੀ ਰਿਪੋਰਟਿੰਗ ਤਿਆਰ ਕਰੇ।

ਅਸੀਂ ਖ਼ੁਦ ਹਰ ਸਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਹਫਤੇ ਭਰ ਦੇ ਟੂਰ ਤੇ ਬਾਹਰ ਲੈ ਕੇ ਜਾਂਦੇ ਹਾਂ। ਜਿਹੜਾ ਕਿ ਪਹਿਲਾ ਕੀਤੇ ਸਰਵੇ ਤੇ ਅਧਾਰਤ ਹੁੰਦਾ ਹੈ। ਕੁੱਝ ਦਿਨ ਪਹਿਲਾ ਅਸੀਂ ਆਪਣੇ ਸਕੂਲ ਦੇ 100 ਬੱਚਿਆ ਦਾ ਟੂਰ ਰਾਣੀਖੇਤ, ਉੱਤਰਾਖੰਡ ਵਿੱਚ ਲੈ ਕੇ ਗਏ ਸਾਂ। ਵਿਦਿਆਰਥੀਆਂ ਨੂੰ ਟੂਰ ਤੇ ਲੈ ਕੇ ਜਾਣ ਤੋਂ ਪਹਿਲਾ ਉਸ ਸ਼ਹਿਰ ਦਾ, ਉਸ ਇਲਾਕੇ ਦਾ ਸਰਵੇ ਕੀਤਾ ਗਿਆ ਅਤੇ ਰਿਪੋਰਟ ਬਣਾਈ ਗਈ ਕਿ ਉੱਥੇ ਸਿੱਖਣ ਨੂੰ ਕੀ ਹੈ? ਅਤੇ ਉਸ ਮੁਤਾਬਿਕ ਸਾਰਾ ਟੂਰ ਉਲੀਕਿਆ ਗਿਆ। ਟੂਰ ਦੇ ਪਹਿਲੇ ਦਿਨ ਉੱਥੇ ਪਹੁੰਚਣ ਤੇ ਭਾਰਤੀ ਫੋਜ਼ ਦੇ ਅਫ਼ਸਰਾਂ ਨਾਲ ਵਿਦਿਆਰਥੀਆਂ ਦਾ ‘ਇੰਟਰੈਕਸ਼ਨ’ ਕਰਵਾਇਆ ਗਿਆ । ਕਮਾੳਂ ਰੈਜ਼ੀਮੈਂਟ ਦੇ ਕਮਾਂਡਰ ਸਾਹਿਬ ਅਤੇ ਹੋਰ ਅਫ਼ਸਰਾਂ ਨੇ ਵਿਦਿਆਰਥੀਆਂ ਨੂੰ ਬਹੁਤ ਆਦਰ-ਮਾਣ ਦਿੱਤਾ ਉਹਨਾਂ ਨੇ ਨਵੇਂ ਅਫਸਰ ਬਣੇ ਨੌਜਵਾਨਾਂ ਨੂੰ ਸਾਡੇ ਵਿਦਿਆਰਥੀਆਂ ਨੂੰ ਉਹ ਸਾਰੀਆਂ ਜੁਗਤਾਂ ਸਮਝਾਉਣ ਲਈ ਕਿਹਾ ਜਿਨ੍ਹਾਂ ਦਾ ਅਨੁਸਰਣ ਕਰਕੇ ਉਹ ਭਾਰਤੀ ਫੌਜ਼ ਵਿੱਚ ਬਤੌਰ ਅਫਸਰ ਭਰਤੀ ਹੋ ਸਕਦੇ ਹਨ। ਜਿਸ ਲਈ ਅੱਜ ਕੱਲ ਲੜਕੀਆਂ ਲਈ ਵੀ ਰਸਤਾ ਖੋਲ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਹ ਮਹਿਸੂਸ ਕਰਵਾਉਣ ਲਈ ਕਿ ਉੱਥੋਂ ਦੇ ਮੂਲ ਵਾਸੀਆਂ ਦਾ ਜੀਵਨ ਕਿੰਨਾ ਕਠਿਨ ਹੈ ਟ੍ਰੈਕਿੰਗ ਕਰਵਾ ਕੇ ਦੂਰ ਵਸਦੇ ਇੱਕ ਪਿੰਡ ਡਕੋਟੀ ਵਿੱਚ ਲਿਜਾਇਆ ਗਿਆ ਜਿੱਥੇ ਲੋਕ ਛੋਟੀਆਂ-ਛੋਟੀਆਂ ਕੁੱਲੀਆਂ ਵਿੱਚ ਰਹਿੰਦੇ ਸਨ। ਪਿੰਡ ਵਿੱਚ ਇਕ ਪ੍ਰਾਇਮਰੀ ਸਕੂਲ ਸੀ ਜਿੱਥੇ ਇੱਕ ਮਹਿਲਾ ਅਤੇ ਪੁਰਸ਼ ਅਧਿਆਪਕ ਸਨ ਜਿਹਨਾਂ ਨੂੰ ਪੈਦਲ ਚੱਲ ਕੇ ਉਸ ਪਿੰਡ ਵਿਚ ਪੜਾਉਣ ਲਈ ਆਉਣਾ ਪੈਦਾਂ ਸੀ। ਇਸ ਸਕੂਲ ਵਿੱਚ 13 ਵਿਦਿਆਰਥੀ ਸਨ। ਇਹ ਅਧਿਆਪਕ ਐਨੇ ਜ਼ਿਆਦਾ ਜਿੰਮੇਵਾਰ ਸਨ ਕਿ ਇਸ ਸਰਕਾਰੀ ਸਕੂਲ ਦੇ ਬੱFਚਿਆ ਨੂੰ ਅੰਗਰੇਜ਼ੀ ਵਿੱਚ ਸਧਾਰਨ ਤੌਰ ਤੇ ਗੱਲਬਾਤ ਕਰਨਾ ਤੱਕ ਸਿਖਾਇਆ ਗਿਆ ਸੀ। ਅਧਿਆਪਕਾਂ ਨੇ ਦੱਸਿਆ ਕਿ ਕਿਵੇਂ ਗਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਕੁੱਲੀਆਂ ਵਿੱਚ ਹੀ ਛੱਡ ਕੇ ਮਜਦੂਰੀ ਕਰਨ ਚਲੇ ਜਾਂਦੇ ਹਨ ਤੇ ਉਹ ਉਹਨਾਂ ਬੱਚਿਆਂ ਨੂੰ ਆਪ ਹੀ ਨਹਾਉਂਦੇ ਤੇ ਦੁਪਹਿਰ ਦਾ ਖਾਣਾ ਖਵਾਉਂਦੇ ਹਨ। ਹੈਰਾਨੀ ਵਾਲੀ ਗੱਲ ਇਹ ਸੀ ਕੇ ਉਸ ਸਕੂਲ ਦੇ 13 ਵਿਦਿਆਰਥੀਆ ਵਿੱਚੋਂ ਚਾਰ ਨੇ ਆਈ.ਏ.ਐੱਸ, ਤਿੰਨ ਨੇ ਆਈ.ਪੀ.ਐੱਸ, ਤਿੰਨ ਨੇ ਡਾਕਟਰ ਤੇ ਬਾਕੀ ਬੱਚਿਆਂ ਨੇ ਭਾਰਤੀ ਫੋਜ ਵਿੱਚ ਜਾਣ ਦਾ ਆਪਣਾ ਸੁਪਨਾ ਸਾਡੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ।

ਸੋ ਸਾਡੇ ਵਿਦਿਆਰਥੀ ਇਹ ਮਹਿਸੂਸ ਕਰ ਸਕੇ ਕਿ ਅਸੀਂ ਆਪਣੇ ਪਰਿਵਾਰਕ ਸਮਾਗਮਾ ਤੇ ਬਿਨਾਂ ਵਜਹਾ ਖਰਚਾ ਕਰਦੇ ਹਾਂ ਜਦੋਂ ਕਿ ਸਾਡੇ ਦੇਸ਼ ਦੇ ਕੁਝ ਹਿੱਸੇ ਹਾਲੇ ਵੀ ਅਜਿਹੇ ਹਨ ਜਿੱਥੇ ਲੋਕਾਂ ਨੂੰ ਢਿੱਡ ਭਰ ਕੇ ਰੋਟੀ ਵੀ ਨਸੀਬ ਨਹੀਂ ਹੁੰਦੀ - ਸਿੱਖਿਆ ਤਾਂ ਬਹੁਤ ਦੂਰ ਦੀ ਗੱਲ ਹੈ।

ਬਾਕੀ ਦਾ ਸਮਾਂ ਉਸ ਇਲਾਕੇ ਦੀ ਬਨਸਪਤੀ, ਲੋਕਾਂ ਦਾ ਰਹਿਣ-ਸਹਿਣ ਨੂੰ ਇਸ ਕਦਰ ਵਿਖਾਇਆ ਗਿਆ ਤਾਂ ਜੋ ਵਿਦਿਆਰਥੀਆਂ ਦੇ ਸਿਰ ਵਿੱਚ ਚੱਲ ਰਹੀ ਉਥੱਲ-ਪੁਥੱਲ ਵਿੱਚ ਕੁਝ ਨਵੇਂ ਵਿਸ਼ੇ ਸ਼ਾਮਿਲ ਹੋ ਜਾਣ ਤੇ ਉਹ ਮਹਿਸੂਸ ਕਰਨ ਕਿ ਉਹ ਲੋਕ ਜਿਹਨਾਂ ਕੋਲ ਜੀਵਨ ਦਾ ਮੂਲ ਵੀ ਨਹੀਂ ਹੈ ਕਿਵੇਂ ਉਹ ਉਹਨਾਂ ਤੋਂ ਵੀ ਅੱਗੇ ਨਿਕਲਣ ਲਈ ਲਗਾਤਾਰ ਸਿੱਖਣ ਦੇ ਰਾਹ ਪਏ ਹੋਏ ਹਨ। ਜਦੋਂ ਕਿ ਉਹ ਸੁੱਖ ਅਰਾਮ ਦੀ ਜ਼ਿੰਦਗੀ ਵਿੱਚ ਖ਼ਚਿਤ ਘੂਕ ਸੁੱਤੇ ਪਏ ਹਨ।

ਕੱਛੂਕੁੱਮਾ ਵੀ ਸਾਡਾ ਹੈ ਖ਼ਰਗੋਸ਼ ਵੀ ਸਾਡਾ ਹੈ ਪ੍ਰੰਤੂ ਸੁੱਤੇ ਪਏ ਖ਼ਰਗੋਸ਼ ਨੂੰ ਜਗਾ ਕੇ ਇਹ ਅਹਿਸਾਸ ਤਾਂ ਕਰਵਾਉਣਾ ਬਣਦਾ ਹੈ ਕਿ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ।

ਹਾਲੇ ਵੀ ਵੇਲਾ ਹੈ ਕੁਝ ਕਰ ਸਕਣ ਦਾ ਮਨ ਬਣਾਉਣ ਦਾ ਕਿਉਂਕਿ ਕੱਛੂਕੁੱਮਾ ਆਪਣੀ ਤੋਰੇ ਤੁਰਦਾ ਤੇਜ਼ ਤੋਂ ਤੇਜ਼ ਭੱਜਣ ਵਾਲੇ ਖ਼ਰਗੋਸ਼ ਨੂੰ ਵੀ ਹਰਾ ਦਿੰਦਾ ਹੈ।

ਸੁਖਜਿੰਦਰ ਸਿੰਘ
ਫਾਉਡਰ-ਕਮ-ਡਾਇਰੈਕਟਰ
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ , ਰੂਪਨਗਰ , ਪੰਜਾਬ
ਮੋ. 98159-66195


Newspaper Clips